ਬੌਨੀ, ਬੌਨੂ, ਬਨੂੜੀ, ਬੁਲਬੁਲ, ਡੰਗਰ, ਲੱਡੂ, ਬੂਬੂ, ਨੰਨਾ, ਪਾਲੂ, ਖੋਤਾ, ਭੋੰਦੂ ਤੇ ਹੋਰ ਪਤਾ ਨਹੀਂ ਕਿੰਨੇ ਨਾਂ ਰੱਖੇ ਹੋਏ ਸਨ ਮੈਂ ਉਸਦੇ। ਕੋਈ ਵੀ ਨਾਂ ਲਓ, ਭੱਜਿਆ ਆਉਂਦਾ ਸੀ। ਕਦੇ ਸਾਡੀਆਂ ਚੱਪਲਾਂ ਚੱਕਦਾ, ਕਦੇ ਰੁਮਾਲ ਤੇ ਕਦੇ ਜੁਰਾਬਾਂ। ਮੇਰੇ ਕਢਾਈ ਵਾਲੇ ਸੂਟ ਉਹਨੂੰ ਬਹੁਤ ਪਸੰਦ ਸਨ। ਮੈਂ ਹਮੇਸ਼ਾ ਕਹਿੰਦੀ ਕਿ ਉਹ ਪਿਛਲੇ ਜਨਮ ਵਿਚ ਪੱਕਾ ਇੱਕ ਜਨਾਨੀ ਸੀ ਤੇ ਕਹਿ ਰਿਹਾ ਹੈ “ਭੈਣਜੀ, ਕਢਾਈ ਬਹੁਤ ਸੋਹਣੀ ਹੈ, ਕਿਥੋੰ ਕਰਾਈ? ਮੈਨੂੰ ਵੀ ਵਖਾਉ”। ਸਭ ਹੱਸਦੇ। ਉਹ ਵੀ ਖੁਸ਼ ਹੋ ਜਾਂਦਾ ਸੀ। ਕਿਸੇ ਨੂੰ ਵੀ ਉਦਾਸ ਨਹੀਂ ਦੇਖ ਸਕਦਾ ਸੀ। ਅਸਲੀ ਤੇ ਨਕਲੀ ਰੋਣੇ ਵਿਚ ਫਰਕ ਵੀ ਜਾਣਦਾ ਸੀ। ਮੈਨੂੰ ਰੋਂਦਾ ਵੇਖ ਬਿਸਤਰੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਤੇ ਭੌੰਕਦਾ, ਜਿਵੇਂ ਕਹਿ ਰਿਹਾ ਹੋਵੇ ਕਿ ਰੋ ਨਾ, ਮੈਂ ਹੈਗਾ ਹਾਂ ਤੇਰੇ ਨਾਲ।
ਬੌਲ (ਗੇਂਦ) ਉਸਦੀ ਫੇਵਰਿਟ ਸੀ। ਬੌਲ ਬੋਲਦਿਆਂ ਹੀ ਪਤਾ ਨਹੀਂ ਕਿਥੋਂ ਭੱਜਾ ਆਉਂਦਾ। ਬੌਲ ਮਿਲਣ ਤੇ ਮੂੰਹ ਵਿਚ ਫੜਕੇ ਬੈਠ ਜਾਂਦਾ ਤੇ ਖਾਣ ਦੀ ਕੋਸ਼ਿਸ਼ ਕਰਦਾ। ਮਸਾਂ ਉਸਤੋਂ ਵਾਪਸ ਲੈਂਦੇ। ਇਹੀ ਹਾਲ ਫਰੀਜਰ ਖੁਲਣ ਤੇ ਸੀ। ਪਤਾ ਨਹੀਂ ਉਸ ਨੂੰ ਕਿਵੇਂ ਪਤਾ ਲੱਗਦਾ ਕਿ ਫਰੀਜਰ ਖੋਲਿਆ ਹੈ। ਭੱਜ ਕੇ ਬਰਫ਼ ਖਾਣ ਆ ਜਾਂਦਾ। ਜਦੋਂ ਅਸੀਂ ਬੈਡਮਿੰਟਨ ਖੇਡਦੇ, ਤਾਂ ਉਛਲ ਉਛਲ ਕੇ ਚਿੜੀ ਫੜਨ ਦੀ ਕੋਸ਼ਿਸ਼ ਕਰਦਾ। ਜਦੋਂ ਕੋਈ ਖਾਂਸੀ ਕਰਦਾ ਜਾਂ ਹਿਚਕੀ ਆਉੰਦੀ, ਤਾਂ ਜੋਰ ਜੋਰ ਦੀ ਭੌੰਕਦਾ ਤੇ ਮੇਰੇ ਨਾਲ ਭੱਜ ਕੇ ਰਸੋਈ ਵਿਚ ਪਾਣੀ ਲੈਣ ਜਾਂਦਾ। ਪਰ ਖਾਂਸੀ ਬੰਦ ਹੁੰਦਿਆਂ ਹੀ ਨਵਾਂ ਪੰਗਾ ਲੈਣ ਲੱਗ ਜਾਂਦਾ। ਲਿਫਾਫਾ ਚੱਕਦਾ ਜਾਂ ਚੱਪਲਾਂ ਜਾਂ ਪਾਣੀ ਡੋਲ ਕੇ ਪੈਰ ਮਾਰਨਾ ਸ਼ੁਰੂ ਕਰ ਦਿੰਦਾ।
ਭਾਵੇਂ ਜਿੰਨਾ ਮਰਜੀ ਘੂਕ ਸੁੱਤਾ ਹੋਵੇ, ਬੁਲਾਉੰਦਿਆਂ ਹੀ ਉੱਠ ਜਾਂਦਾ ਸੀ। ਪਰ ਅੱਜ ਮੇਰਾ ਬੱਚਾ ਐਸਾ ਸੁੱਤਾ ਕਿ ਅਸੀਂ ਅਵਾਜਾਂ ਮਾਰ ਮਾਰ ਥੱਕ ਗਏ, ਉਹ ਨਹੀਂ ਉਠਿਆ। ਸਾਡਾ ਘਰ, ਸਾਡਾ ਦਿਲ ਤੇ ਸਾਡੀ ਜਿੰਦਗੀ ਖਾਲੀ ਕਰਕੇ ਚਲਾ ਗਿਆ ਰੱਬ ਕੋਲ। ਸਾਨੂੰ ਤਾਂ ਉਸ ਦੇ ਬਿਨਾਂ ਜਿਉਣਾ ਹੀ ਨਹੀਂ ਆਉਂਦਾ। ਮੈਂ ਤਾਂ ਵਿਆਹੀ ਆਈ ਨੇ ਉਹਨੂੰ ਇੱਥੇ ਹੀ ਪਾਇਆ। ਮੇਰਾ ਘਰ ਸੀ ਉਹ। ਹਰ ਚੀਜ ਵਿਚ, ਹਰ ਕੋਨੇ ਵਿੱਚ, ਹਰ ਪਾਸੇ ਨਜ਼ਰ ਉਸ ਨੂੰ ਲੱਭ ਰਹੀ ਹੈ। ਲੱਗਦਾ ਹੈ ਕਿ ਹੁਣੇ ਭੱਜਿਆ ਆਇਗਾ ਚੱਪਲਾਂ ਚੱਕ ਕੇ। ਪਰ ਉਹ ਹੈ ਹੀ ਨਹੀਂ। ਮੇਰੀਆਂ ਇਹਨਾਂ ਅੱਖਾਂ ਸਾਹਮਣੇ ਉਸਨੇ ਆਖਰੀ ਸਾਹ ਲਿਆ। ਇਹੀ ਹੱਥ ਉਸ ਨੂੰ ਪਲੋਸ ਰਹੇ ਸਨ। ਜਾਣ ਤੋਂ ਕੁਝ ਦੇਰ ਪਹਿਲਾਂ ਉਸ ਨੇ ਆਪ ਸਾਨੂੰ ਉਠਾਇਆ। ਬਿਸਤਰੇ ਤੇ ਚੜ੍ਹ ਆਇਆ ਕਿ ਉੱਠੋ! ਮੇਰੇ ਕੋਲ ਬੈਠੋ। ਮੈਂ ਚੱਲਾ ਹਾਂ। ਉਸਨੂੰ ਪਤਾ ਸੀ ਸ਼ਾਇਦ। ਤੇ ਸ਼ਾਇਦ ਉਸਨੂੰ ਵੇਖ ਕੇ ਸਾਨੂੰ ਵੀ।
ਸ਼ਾਇਦ ਕਿਤੇ ਉਹ ਵੇਖ ਰਿਹਾ ਹੋਵੇ ਸਾਨੂੰ, ਸ਼ਾਇਦ ਨਾ। ਪਰ ਬਸ ਉਸ ਨੂੰ ਇਹ ਗੱਲ ਪਤਾ ਹੋਵੇ ਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ। ਤੇ ਕਦੇ ਉਸ ਨੂੰ ਭੁੱਲ ਨਹੀਂ ਸਕਾਂਗੇ। ਮੇਰਾ ਬੱਚਾ ਹੈ ਉਹ…

Leave a Reply